ਹੀਰਕ ਰਾਜਰ ਦੇਸ਼ (ਬੰਗਾਲੀ, ਅੰਗਰੇਜ਼ੀ ਸਬਟਾਈਟਲਾਂ ਨਾਲ)

ਨਿਰਦੇਸ਼ਕ: ਸਤਿਆਜੀਤ ਰੇਅ
ਬਣਨ ਸਾਲ: 1980

images

-ਸੁਖਵੰਤ ਹੁੰਦਲ-

ਹੀਰਕ ਰਾਜਰ ਦੇਸ਼ (ਹੀਰਿਆਂ ਦਾ ਦੇਸ਼ ਜਾਂ ਹੀਰਿਆਂ ਦੇ ਰਾਜੇ ਦਾ ਦੇਸ਼) ਸਤਿਆਜੀਤ ਰੇਅ ਦੀ ਇਕ ਵੱਖਰੀ ਕਿਸਮ ਦੀ ਫਿਲਮ ਹੈ। ਇਸ ਵਿੱਚ ਰੇਅ ਨੇ ਖੁਲ੍ਹੇਆਮ ਦਿਖਾਇਆ ਹੈ ਕਿ ਜਿਹੜਾ ਰਾਜ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦਾ, ਉਸ ਰਾਜ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਇਕੱਠੇ ਹੋ ਕੇ ਬਦਲ ਦੇਣਾ ਚਾਹੀਦਾ ਹੈ। ਤਾਂ ਹੀ ਫਿਲਮ ਅਤੇ ਮੰਚ ਅਦਾਕਾਰ ਉਤਪਲ ਦੱਤ ਇਸ ਫਿਲਮ ਨੂੰ ਸ਼ਰੇਆਮ ਰੂਪ ਵਿੱਚ “ਇਕ ਸਿਆਸੀ ਫਿਲਮ” ਮੰਨਦਾ ਹੈ।

ਹੀਰਕ ਰਾਜਰ ਦੇਸ਼ ਦੀ ਕਹਾਣੀ ਇਕ ਪਰੀ ਕਹਾਣੀ ਦੇ ਤੌਰ ‘ਤੇ ਪੇਸ਼ ਕੀਤੀ ਗਈ ਹੈ। ਹੀਰਿਆਂ ਦੀਆਂ ਖਾਣਾਂ ਵਾਲੇ ਦੇਸ਼ ਵਿੱਚ ਖਾਣਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਕਿਸਾਨਾਂ ਨੂੰ ਸਰਕਾਰ ਦਾ ਟੈਕਸ ਭਰਨ ਲਈ ਭੁੱਖੇ ਰਹਿਣਾ ਪੈਂਦਾ ਹੈ। ਗਾਇਕਾਂ ਨੂੰ ਆਪਣੀ ਮਰਜ਼ੀ ਦੇ ਗੀਤ ਗਾਉਣ ਦੀ ਖੁੱਲ੍ਹ ਨਹੀਂ ਅਤੇ ਅਧਿਆਪਕਾਂ ਨੂੰ ਆਪਣੀ ਮਰਜ਼ੀ ਦਾ ਪੜ੍ਹਾਉਣ ਦੀ। ਰਾਜੇ ਦੇ ਮੰਤਰੀ ਉਸ ਦੇ ਜੀਅ ਹਜ਼ੂਰੀਏ ਹਨ। ਉਹ ਹਰ ਗੱਲ ਵਿੱਚ ਰਾਜੇ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਇਸ ਦੇ ਇਵਜ ਵਿੱਚ ਹੀਰਿਆਂ ਦੇ ਹਾਰ (ਦੇਸ਼ ਦੀ ਦੌਲਤ ਵਿੱਚੋਂ ਆਪਣਾ ਹਿੱਸਾ) ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ। ਰਾਜੇ ਦੇ ਮੁੱਖ ਵਿਗਿਆਨੀ ਨੇ ਇਕ ਅਜਿਹਾ ਢੰਗ ਲੱਭ ਲਿਆ ਹੈ ਜਿਸ ਰਾਹੀਂ ਲੋਕਾਂ ਦੇ ਦਿਮਾਗ ਸਾਫ (ਬ੍ਰੇਨ ਵਾਸ਼) ਕੀਤੇ ਜਾ ਸਕਣ। ਇਸ ਢੰਗ ਨਾਲ ਲੋਕਾਂ ਦੇ ਦਿਮਾਗਾਂ ਵਿੱਚ ਉਹ ਗੱਲਾਂ ਭਰੀਆਂ ਜਾ ਸਕਦੀਆਂ ਹਨ ਜੋ ਰਾਜਾ ਚਾਹੇ। ਰਾਜ-ਕਵੀ, ਵਿਗਿਆਨੀ ਨੂੰ ਰਾਜੇ ਦਾ ਜਸਗਾਨ ਕਰਦੀਆਂ ਕਵਿਤਾਵਾਂ ਲਿਖ ਦਿੰਦਾ ਹੈ ਜੋ ਵਿਗਿਆਨੀ ਲੋਕਾਂ ਦੇ ਦਿਮਾਗਾਂ ਵਿੱਚ ਭਰ ਦਿੰਦਾ ਹੈ। ਨਤੀਜੇ ਵਜੋਂ ਮਜ਼ਦੂਰ ਅਤੇ ਕਿਸਾਨ ਅੱਧਭੁੱਖੇ ਰਹਿ ਕੇ ਰਾਜੇ ਲਈ ਕੰਮ ਕਰਦੇ ਹਨ ਅਤੇ ਰਾਜੇ ਦੇ ਗੁਣ ਗਾਉਂਦੇ ਰਹਿੰਦੇ ਹਨ। ਰਾਜਾ ਬੜੇ ਮਾਣ ਨਾਲ ਕਹਿੰਦਾ ਹੈ ਕਿ “ਹੀਰਿਆਂ ਦੇ ਦੇਸ਼ ਦਾ ਰਾਜਾ (ਆਪਣੀ ਪਰਜਾ ਨੂੰ) ਮਾਰਦਾ ਨਹੀਂ, ਉਸ ਨੂੰ ਜੇਲ੍ਹਾਂ ਦੀ ਲੋੜ ਨਹੀਂ, ਉਹ ਲੋਕਾਂ ਨੂੰ ਬਰਛਿਆਂ ‘ਤੇ ਨਹੀਂ ਟੰਗਦਾ ਅਤੇ ਨਾ ਹੀ ਲੋਕਾਂ ਨੂੰ ਜ਼ਿੰਦਾ ਜਲਾਉਂਦਾ ਹੈ। ਉਸ ਦੇ ਦੇਸ਼ ਵਿੱਚ ਤਾਂ ਇਕ ਹੀ ਸਜ਼ਾ ਹੈ- (ਬ੍ਰੇਨ ਵਾਸ਼ਿੰਗ ਦੀ)”। ਭਵਿੱਖ ਵਿੱਚ ਉਪਜਣ ਵਾਲੀ ਬਗਾਵਤ ਨੂੰ ਖਤਮ ਕਰਨ ਲਈ ਉਹ ਸਕੂਲ ਬੰਦ ਕਰ ਦਿੰਦਾ ਹੈ ਅਤੇ ਕਿਤਾਬਾਂ ਸਾੜ੍ਹ ਦਿੰਦਾ ਹੈ ਕਿਉਂਕਿ ਉਸ ਦਾ ਯਕੀਨ ਹੈ ਕਿ ਗਿਆਨ ਲੋਕਾਂ ਨੂੰ ਚੰਗੇ ਅਤੇ ਮਾੜੇ ਵਿੱਚ ਫਰਕ ਕਰਨ ਦੀ ਚੇਤਨਾ ਦਿੰਦਾ ਹੈ, ਲੋਕਾਂ ਨੂੰ ਬਗਾਵਤ ਕਰਨ ਲਈ ਉਕਸਾਉਂਦਾ ਹੈ।

ਇਸ ਤਰ੍ਹਾਂ ਲੋਕਾਂ ਦੀ ਬ੍ਰੇਨਵਾਸ਼ਿੰਗ ਕਰਕੇ ਰਾਜਾ ਆਪਣੇ ਰਾਜ ਨੂੰ ਹਿੰਸਾ ਦਾ ਸਹਾਰਾ ਲਏ ਬਿਨਾਂ ਚਲਾਉਣ ਵਿੱਚ ਕਾਮਯਾਬ ਰਹਿੰਦਾ ਹੈ। ਪਰ ਇਹ ਕਾਮਯਾਬੀ ਹਮੇਸ਼ਾਂ ਨਹੀਂ ਰਹਿੰਦੀ। ਉਸ ਦੇਸ਼ ਦਾ ਇਕ ਅਧਿਆਪਕ ਬ੍ਰੇਨ ਵਾਸ਼ਿੰਗ ਹੋਣ ਤੋਂ ਪਹਿਲਾਂ ਦੇਸ਼ ਤੋਂ ਬਾਹਰ ਨੱਸ ਜਾਂਦਾ ਹੈ ਅਤੇ ਆਪਣੇ ਪੜ੍ਹਾਏ ਬੱਚਿਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਉਹ ਉਸ ਵਲੋਂ ਦਿੱਤੇ ਗਿਆਨ ਨੂੰ ਨਾ ਭੁੱਲਣ। ਬੱਚੇ ਆਪਣੇ ਅਧਿਆਪਕ ਦੇ ਸਬਕ ਨੂੰ ਯਾਦ ਰੱਖਦੇ ਹਨ ਕਿ “ਜੇ ਰਾਜਾ ਆਪਣੀ ਪਰਜਾ ਦਾ ਦੁਸ਼ਮਣ ਬਣ ਜਾਵੇ ਤਾਂ ਹਾਲਤ ਬਹੁਤ ਖਤਰਨਾਕ ਬਣ ਜਾਂਦੇ ਹਨ। ਮਨੁੱਖ ਕੜਕਦੀ ਬਿਜਲੀ ਤੋਂ ਡਰਦਾ ਹੈ ਪਰ ਰਾਜੇ ਦਾ ਗੁੱਸਾ (ਕੜਕਦੀ ਬਿਜਲੀ ਤੋਂ) ਜ਼ਿਆਦਾ ਖਤਰਨਾਕ ਹੁੰਦਾ ਹੈ। ਬਿਜਲੀ ਇਕ ਥਾਂ ਡਿੱਗਦੀ ਹੈ, ਪਰ ਰਾਜੇ ਦਾ ਗੁੱਸਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦਾ ਹੈ।… ਇਸ ਲਈ ਜੇ ਲੋਕਾਂ ਨੇ ਮਰਨਾ ਹੀ ਹੈ ਤਾਂ ਰਾਜੇ ਦਾ ਹੁਕਮ ਮੰਨਦਿਆਂ ਮਰਨ ਦੀ ਥਾਂ (ਲੜਦਿਆਂ ਮਰਨਾ ਚਾਹੀਦਾ ਹੈ)।” ਇਕ ਗਾਇਕ ਬ੍ਰੇਨਵਾਸ਼ ਹੋਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਗਾਉਂਦਾ ਹੈ, “ਦੇਖੋ ਕਿੰਨੇ ਅਜੀਬ ਦਿਨ ਆ ਗਏ ਹਨ, ਇਕ ਭਲੇ ਇਨਸਾਨ ਨੂੰ ਟੁੱਟੇ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ ਜਦੋਂ ਕਿ ਜ਼ਾਲਮ ਸਿੰਘਾਸਣ ‘ਤੇ ਬੈਠਾ ਹੈ।” ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਦਦ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਦਾ ਹੈ ਜੋ ਅੰਤ ਵਿੱਚ ਹੀਰਿਆਂ ਦੇ ਰਾਜੇ ਦੇ ਦਮਨ ਭਰਪੂਰ ਰਾਜ ਦਾ ਖਾਤਮਾ ਕਰ ਦਿੰਦੇ ਹਨ।

ਇਸ ਤਰ੍ਹਾਂ ਇਸ ਫਿਲਮ ਵਿੱਚ ਸਤਿਆਜੀਤ ਰੇਅ ਹਾਕਮਾਂ ਵਲੋਂ ਲੋਕਾਂ ਨੂੰ ਕੰਟਰੋਲ ਵਿੱਚ ਰੱਖਣ ਦੇ ਨਵੇਂ ਢੰਗਾਂ ਦਾ ਭੇਤ ਖੋਲ੍ਹਦਾ ਹੈ। ਉਹ ਦਿਖਾਉਂਦਾ ਹੈ ਕਿ ਸਮਾਜ ਵਿੱਚ ਗਿਆਨ, ਵਿਦਿਆ ਅਤੇ ਤਕਨੌਲੌਜੀ ਦੀ ਕਿੰਨੀ ਮਹੱਤਤਾ ਹੈ। ਹਾਕਮ ਲੋਕਾਂ ਦੀ ਅਸਹਿਮਤੀ, ਵਿਰੋਧ ਅਤੇ ਬਗਾਵਤ ਨੂੰ ਕੰਟਰੋਲ ਕਰਨ ਲਈ ਕਿਸ ਤਰ੍ਹਾਂ ਗਿਆਨ, ਵਿਦਿਆ ਅਤੇ ਤਕਨੌਲੌਜੀ ਦੀ ਵਰਤੋਂ ਕਰਦੇ ਹਨ। ਸਮਾਜ ਵਿੱਚ ਲੋਕ ਘੋਲਾਂ ਅਤੇ ਸੰਘਰਸ਼ਾਂ ਨੂੰ ਜਥੇਬੰਦ ਕਰਨ ਲਈ ਗਿਆਨ, ਵਿਦਿਆ ਅਤੇ ਤਕਨੌਲੌਜੀ ਨੂੰ ਹਾਕਮਾਂ ਦੇ ਸ਼ਿਕੰਜੇ ‘ਚੋਂ ਅਜ਼ਾਦ ਕਰਾਉਣਾ ਕਿੰਨਾ ਜ਼ਰੂਰੀ ਹੈ। ਅੱਜ ਦੁਨੀਆ ਭਰ ਵਿੱਚ ਸੂਚਨਾ, ਸੰਚਾਰ ਅਤੇ ਤਕਨੌਲੌਜੀ ਦਾ ਜਿਸ ਤਰ੍ਹਾਂ ਦਾ ਸਿਲਸਿਲਾ ਪੈਦਾ ਹੋ ਚੁੱਕਾ ਹੈ ਅਤੇ ਗਾਲਬ ਧਿਰਾਂ ਜਿਸ ਤਰ੍ਹਾਂ ਇਸ ਸਿਲਸਿਲੇ ਦੀ ਵਰਤੋਂ ਕਰ ਰਹੀਆਂ ਹਨ, ਉਸ ਨੂੰ ਦੇਖਦਿਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਫਿਲਮ ਦੀ ਅੱਜ ਵੀ ਉਨੀ ਪ੍ਰਸੰਗਕਤਾ ਹੈ ਜਿੰਨੀ ਸਾਢੇ 4 ਦਹਾਕੇ ਪਹਿਲਾਂ ਸੀ ਜਦੋਂ ਰੇਅ ਨੇ ਇਹ ਫਿਲਮ ਬਣਾਈ ਸੀ।

ਫਿਲਮ ਦੇਖਣ ਲਈ ਹੇਠਾਂ ਦਿੱਤੀ ਤਸਵੀਰ ‘ਤੇ ਕਲਿੱਕ ਕਰੋ:

ਸਤਿਆਜੀਤ ਰੇਅ ਦੇ ਸਿਨਮੇ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਜਾਉ:

ਸਤਿਆਜੀਤ ਰੇਅ ਦਾ ਸਿਨਮਾ

This entry was posted in ਫਿਲਮ, ਸਾਰੀਆਂ and tagged , , , , , , , , . Bookmark the permalink.

Leave a comment

This site uses Akismet to reduce spam. Learn how your comment data is processed.