ਗ੍ਰੀਸ ਦੇ ਮਜ਼ਦੂਰਾਂ ਵਲੋਂ ਵਿਦਿਆਰਥੀਆਂ ਦੇ ਨਾਂ ਇੱਕ ਖੁੱਲਾ ਖ਼ਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

6 ਦਿਸੰਬਰ 2008 ਨੂੰ ਇੱਕ ਸਕੂਲੀ ਵਿਦਿਆਰਥੀ ਦੀ ਪੁਲਸ ਦੀ ਗੋਲੀ ਨਾਲ਼ ਮੌਤ ਹੋ ਜਾਣ ‘ਤੇ ਸਾਰੇ ਗ੍ਰੀਸ ਵਿੱਚ ਦੰਗੇ ਭੜਕ ਉੱਠੇ। ਦੰਗਿਆਂ ਨੇ ਬਗਾਵਤ ਦਾ ਰੂਪ ਧਾਰਨ ਕਰ ਲਿਆ। ਸਕੂਲਾਂ-ਯੂਨੀਵਰਸਿਟੀਆਂ ‘ਤੇ ਵਿਦਿਆਰਥੀਆਂ ਨੇ ਕਬਜ਼ੇ ਕਰ ਲਏ। ਵਿਦਿਆਰਥੀਆਂ-ਮਜ਼ਦੂਰਾਂ ਨੇ ਸਰਕਾਰੀ ਇਮਾਰਤਾਂ,  ਰੇਡੀਓ ਤੇ ਦੂਰਦਰਸ਼ਨ ਕੇਂਦਰਾਂ ਅਤੇ ਪਾਰਟੀਆਂ-ਯੂਨੀਅਨਾਂ ਦੇ ਦਫ਼ਤਰਾਂ ਉੱਤੇ ਕਬਜ਼ੇ ਕਰ ਲਏ। ਹਜ਼ਾਰਾਂ ਦੀ ਸੰਖਿਆਂ ਵਿੱਚ ਲੋਕ ਜਗ੍ਹਾ-ਜਗ੍ਹਾ ਪੁਲਿਸ ਨਾਲ਼ ਭਿੜੇ। ਕ੍ਰਿਸਮਿਸ ਅਤੇ ਨਵੇਂ ਸਾਲ ਵਾਸਤੇ ਸਜੇ ਵਿਉਪਾਰਕ ਕੇਂਦਰਾਂ ਦਾ ਹਾਲ ਜੰਗ ਵਿੱਚ ਤਬਾਹ ਹੋਏ ਇਲਾਕਿਆਂ ਜਿਹਾ ਹੋ ਗਿਆ। ਥਾਣਿਆਂ ਨੂੰ ਅੱਗ ਲਗਾਈ ਗਈ ਅਤੇ ਅਮੀਰਜਾਦਿਆਂ ਦੇ ਵਿਆਪਕ ਪੱਧਰ ‘ਤੇ ਸਮਾਨ ਖੋਹੇ ਗਏ। ਲੋਕਤੰਤਰ ਵਿੱਚ ਮਜ਼ਦੂਰਾਂ-ਕਿਰਤੀਆਂ ਖਿਲਾਫ਼ ਵਿਆਪਕ ਹਿੰਸਾ ਵਿੱਚ ਸਹਿਯੋਗੀ ਯੂਨੀਅਨਾਂ, ਰਾਜਨੀਤਕ ਪਾਰਟੀਆਂ, ਪਾਦਰੀਆਂ, ਪੱਤਰਕਾਰਾਂ ਅਤੇ ਕਾਰੋਬਾਰੀਆਂ ਨੇ ਜਮਹੂਰੀ ਕਾਨੂੰਨ-ਪ੍ਰਬੰਧ-ਸ਼ਾਂਤੀ-ਅਹਿੰਸਾ ਦਾ ਰੌਲਾ ਪਾਉਂਦੇ ਹੋਏ ਭਿਆਨਕ ਜ਼ਬਰ ਦਾ ਨਾਚ ਰਚਿਆ। 16 ਦਸੰਬਰ 08 ਨੂੰ ਜ਼ਾਰੀ ਕੀਤਾ ਗਿਆ ‘ਐਥੇਂਸ ਵਿੱਚ ਮਜ਼ਦੂਰਾਂ ਦਾ ਵਿਦਿਆਰਥੀਆਂ ਦੇ ਨਾਂ ਇੱਕ ਖੁੱਲਾ ਖ਼ਤ’ ਪ੍ਰਕਾਸ਼ਿਤ ਕਰ ਰਹੇ ਹਾਂ। -ਸੰਪਾਦਕ

ਉਮਰ ਦੇ ਫ਼ਰਕ ਅਤੇ ਆਮ ਦੂਰੀ ਗਲੀਆਂ ਵਿੱਚ ਤੁਹਾਡੇ ਨਾਲ਼ ਗੱਲ ਕਰਨਾ ਸਾਡੇ ਲਈ ਔਖਾ ਬਣਾ ਰਹੇ ਹਨ ਇਸ ਲਈ ਅਸੀਂ ਇਹ ਖ਼ਤ ਜਾਰੀ ਕਰ ਰਹੇ ਹਾਂ। 

ਸਾਡੇ ਵਿੱਚੋਂ ਬਹੁਤੇ ਅਜੇ ਗੰਜੇ ਅਤੇ ਪੇਟੂ ਨਹੀਂ ਹੋਏ ਹਨ। ਅਸੀਂ 1990-91 ਦੀ ਲਹਿਰ ਦਾ ਹਿੱਸਾ ਹਾਂ। ਤੁਸੀਂ ਉਸ ਬਾਰੇ ਸੁਣਿਆ ਹੋਵੇਗਾ। ਉਦੋਂ ਅਸੀਂ ਆਪਣੇ ਸਕੂਲਾਂ ‘ਤੇ 30-35 ਦਿਨ ਕਬਜ਼ਾ ਕੀਤਾ ਸੀ। ਉਸੇ ਦੌਰਾਨ ਸਰਕਾਰ ਨੇ ਇੱਕ ਅਧਿਆਪਕ ਨੂੰ ਮਾਰ ਦਿੱਤਾ ਸੀ ਕਿਉਂਕਿ ਅਧਿਆਪਕ ਨੇ ਸਾਡੀ ਚੌਂਕੀਦਾਰੀ ਕਰਨ ਦੀਂ ਸੌਂਪੀ ਗਈ ਭੂਮਿਕਾ ਤਿਆਗ ਦਿੱਤੀ ਸੀ ਅਤੇ ਸੀਮਾ ਪਾਰ ਕਰਕੇ ਸਾਡੇ ਸੰਘਰਸ਼ ਵਿੱਚ ਸ਼ਾਮਿਲ ਹੋ ਗਿਆ ਸੀ। ਅਧਿਆਪਕ ਦੀ ਮੌਤ ‘ਤੇ ਸਾਡੇ ਨਾਲ਼ ਜੋ ਵਾਸਤਾ ਨਹੀਂ ਵੀ ਰੱਖਦੇ ਸਨ ਉਹ ਵੀ ਸੜਕਾਂ ‘ਤੇ ਉੱਤਰ ਆਏ ਸਨ ਅਤੇ ਦੰਗੇ ਕੀਤੇ ਸਨ। ਉਦੋਂ ਹਾਲਾਂਕਿ  ਅਸੀਂ ”ਥਾਣਿਆਂ ਨੂੰ ਅੱਗ ਲਗਾਓ…” ਗਾਇਆ ਪਰ ਅਜਿਹਾ ਕਰਨ ਦਾ ਸੋਚਿਆ ਤੱਕ ਨਹੀਂ ਜਦੋਂ ਕਿ ਅੱਜ ਤੁਸੀਂ ਏਨੀ ਸਹਿਜਤਾ ਨਾਲ਼ ਥਾਣਿਆਂ ਨੂੰ ਫੂਕ ਰਹੇ ਹੋ। 

ਤਾਂ, ਤੁਸੀਂ ਸਾਡੇ ਤੋਂ ਅੱਗੇ ਚਲੇ ਗਏ ਹੋਂ, ਜਿਹਾ ਕਿ ਇਤਿਹਾਸ ਵਿੱਚ ਸਦਾ ਹੁੰਦਾ ਹੈ। ਬੇਸ਼ੱਕ ਹਾਲਤ ਵਿੱਚ ਫ਼ਰਕ ਹੈ। ਨੱਬੇ ਦੇ ਦਹਾਕੇ ਦੌਰਾਨ ਨਿੱਜੀ ਸਫ਼ਲਤਾ ਦੀ ਸੰਭਾਵਨਾ ਨੂੰ ਪਰੋਸਿਆ ਗਿਆ ਅਤੇ ਸਾਡੇ ਵਿੱਚੋਂ ਕੁਝ ਨੇ ਉਸਨੂੰ ਡਕਾਰ ਲਿਆ। ਅੱਜ ਲੋਕ ਇਸ ਪੂਰੀ ਕਹਾਣੀ ‘ਤੇ ਯਕੀਨ ਨਹੀਂ ਸਕਦੇ। ਤੁਹਾਡੇ ਵੱਡੇ ਭਰਾਵਾਂ ਨੇ 2006-07 ਵਿੱਚ ਵਿਦਿਆਰਥੀ ਲਹਿਰ ਦੌਰਾਨ ਸਾਨੂੰ ਇਹ ਦਿਖਾਇਆ ਅਤੇ ਤੁਸੀਂ ਤਾਂ ਸੁਨਾਉਣ ਵਾਲਿਆਂ ਦੇ ਮੂੰਹ ‘ਤੇ ਉਹਨਾਂ ਦੀਆਂ ਪਰੀ ਕਹਾਣੀਆਂ ਨੂੰ ਥੁੱਕ ਰਹੇ ਹੋ।

ਇੱਥੋਂ ਤੱਕ ਚੰਗਾ ਹੈ। ਹੁਣ ਚੰਗੇ ਅਤੇ ਔਖੇ ਮਾਮਲੇ ਸ਼ੁਰੂ ਹੁੰਦੇ ਹਨ। 

ਆਪਣੇ ਸੰਘਰਸ਼ਾਂ ਅਤੇ ਹਾਰਾਂ ਤੋਂ ਅਸੀਂ ਜੋ ਸਿੱਖਿਆ ਹੈ ਉਹ ਤੁਹਾਨੂੰ ਦੱਸਾਂਗੇ। ਹਾਰਾਂ ਦੀ ਗੱਲ ਇਸ ਲਈ ਕਿ ਜਦ ਤੱਕ ਸੰਸਾਰ ਸਾਡਾ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਸਦਾ ਹੀ ਹਾਰਾਂਗੇ। ਅਸੀਂ ਜੋ ਸਿੱਖਿਆ ਹੈ ਉਸਨੂੰ ਤੁਸੀਂ ਜਿਵੇਂ ਚਾਹੋ ਪ੍ਰਯੋਗ ਕਰ ਸਕਦੇ ਹੋ।

ਇਕੱਲੇ ਨਾ ਰਹੋ। ਸਾਨੂੰ ਬਲਾਓ, ਵੱਧ ਤੋਂ ਵੱਧ ਲੋਕਾਂ ਨੂੰ ਬਲਾਓ। ਸਾਨੂੰ ਨਹੀਂ ਪਤਾ ਕਿ ਇਹ ਤੁਸੀਂ ਕਿਵੇਂ ਕਰ ਸਕਦੇ ਹੋ, ਤੁਸੀਂ ਰਾਹ ਲੱਭ ਲਓਂਗੇ। ਤੁਸੀਂ ਪਹਿਲਾਂ ਹੀ ਆਪਣੇ ਸਕੂਲਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਤੁਸੀਂ ਸਾਨੂੰ ਦੱਸਿਆ ਹੈ ਕਿ ਇਸਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਤੁਹਾਨੂੰ ਤੁਹਾਡੇ ਸਕੂਲ ਚੰਗੇ ਨਹੀਂ ਲੱਗਦੇ। ਚੰਗੀ ਗੱਲ ਹੈ, ਕਿਉਂਕਿ ਤੁਸੀਂ ਉਹਨਾਂ ‘ਤੇ ਕਬਜ਼ੇ ਕਰ ਹੀ ਲਏ ਹਨ ਤਾਂ ਉਹਨਾਂ ਦੀ ਭੂਮਿਕਾ ਬਦਲੋ। ਆਪਣੇ ਕਬਜ਼ੇ ਨੂੰ ਹੋਰਨਾਂ ਲੋਕਾਂ ਨਾਲ਼ ਸਾਂਝੇ ਕਰੋ। ਆਪਣੇ ਸਕੂਲਾਂ ਨੂੰ ਸਾਡੇ ਨਵੇਂ ਸਬੰਧਾਂ ਦੀ ਰਿਹਾਇਸ਼ ਲਈ ਪਹਿਲੀਆਂ ਇਮਾਰਤਾਂ ਬਣਾ ਦਿਓ। ਉਹਨਾਂ ਦਾ ਸਭ ਤੋਂ ਤਾਕਤਵਰ ਹਥਿਆਰ ਸਾਨੂੰ ਵੰਡਣਾ ਹੈ। ਜਿਵੇਂ ਉਹਨਾਂ ਦੇ ਥਾਣਿਆ ਉੱਤੇ ਹਮਲੇ ਕਰਨ ਤੋਂ ਤੁਸੀਂ ਨਹੀਂ ਡਰਦੇ ਕਿਉਂਕਿ ਤੁਸੀਂ ਇੱਕਜੁੱਟ ਹੁੰਦੇ ਹੋ, ਓਵੇਂ ਹੀ ਸਾਡੀ ਸਾਰਿਆਂ ਦੀ ਜਿੰਦਗੀ ਨੂੰ ਮਿਲ ਕੇ ਬਦਲਣ ਲਈ ਸਾਨੂੰ ਬੁਲਾਉਣ ਤੋਂ ਨਾ ਡਰੋ।

ਕਿਸੇ ਵੀ ਰਾਜਨੀਤਕ ਜੱਥੇਬੰਦੀ ਦੀ ਨਾ ਸੁਣੋ। ਜਿਸਦੀ ਤੁਹਾਨੂੰ ਜ਼ਰੂਰਤ ਹੈ ਉਹੀ ਕਰੋ। ਲੋਕਾਂ ‘ਤੇ ਭਰੋਸਾ ਕਰੋ, ਅਮੂਰਤ-ਹਵਾਈ ਯੋਜਨਾਵਾਂ ਅਤੇ ਵਿਚਾਰਾਂ ‘ਤੇ ਯਕੀਨ ਨਾ ਕਰੋ। ਲੋਕਾਂ ਨਾਲ਼ ਸਿੱਧੇ ਸਬੰਧਾਂ ‘ਤੇ ਭਰੋਸਾ ਕਰੋ। ਆਪਣੇ ਮਿੱਤਰਾਂ ‘ਤੇ ਯਕੀਨ ਕਰੋ ਅਤੇ ਆਪਣੇ ਸੰਘਰਸ਼ ਵਿੱਚ ਸ਼ਾਮਿਲ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਲੋਕ ਬਣਾਓ। ਉਹਨਾਂ ਦੀ ਨਾ ਸੁਣੋ ਜੋ ਕਹਿੰਦੇ ਹਨ ਕਿ ਤੁਸੀਂ ਸੰਘਰਸ਼ ਵਿੱਚ ਰਾਜਨੀਤਕ ਸਮੱਗਰੀ-ਸਾਰ ਨਹੀਂ ਜਿਸਨੂੰ ਪ੍ਰਾਪਤ ਕਰਨਾ ਚਾਹੀਦਾ ਹੈ। ਤੁਹਾਡਾ ਸੰਘਰਸ਼ ਹੀ ਸਾਰ ਹੈ। ਤੁਹਾਡੇ ਕੋਲ਼ ਤੁਹਾਡਾ ਸੰਘਰਸ਼ ਹੀ ਹੈ ਅਤੇ ਇਸ ਨੂੰ ਵਧਾਉਣਾ ਤੁਹਾਡੇ ਹੱਥਾਂ ਵਿੱਚ ਹੈ। ਇਹ ਤੁਹਾਡਾ ਸੰਘਰਸ਼ ਹੀ ਹੈ ਜੋ ਤੁਹਾਡੀ ਜਿੰਦਗੀ ਬਦਲ ਸਕਦਾ ਹੈ, ਭਾਵ ਤੁਹਾਨੂੰ ਅਤੇ ਸਾਥੀਆਂ ਨਾਲ਼ ਤੁਹਾਡੇ ਅਸਲ ਰਿਸ਼ਤਿਆਂ ਨੂੰ ਬਦਲ ਸਕਦਾ ਹੈ।

ਜਦੋਂ ਨਵੀਆਂ ਗੱਲਾਂ ਨਾਲ਼ ਵਾਹ ਪਏ ਤਾਂ ਅੱਗੇ ਵਧਣ ਤੋਂ ਨਾ ਡਰੋ। ਸਾਡੇ ਹਰੇਕ ਦੇ ਦਿਮਾਗ ਵਿੱਚ ਚੀਜਾਂ ਪਾਈਆਂ-ਛਾਪੀਆਂ-ਉਗਾਈਆਂ ਜਾਂਦੀਆਂ ਹਨ। ਉਮਰ ਨਾਲ਼ ਇਹ ਵਧਦੀਆਂ ਜਾਂਦੀਆਂ ਹਨ ਪਰ ਹਨ ਤੁਹਾਡੇ ਵਿੱਚ ਵੀ ਭਾਂਵੇਂ ਕਿ ਤੁਸੀਂ ਅਜੇ ਨੌਜਵਾਨ ਹੋ। ਇਸ ਤੱਥ ਦੀ ਮਹੱਤਤਾ ਨੂੰ ਨਾ ਭੁੱਲੋ। 

1991 ਵਿੱਚ ਨਵੇਂ ਸੰਸਾਰ ਦੀ ਮਹਿਕ ਨਾਲ਼ ਸਾਡਾ ਵਾਹ ਪਿਆ ਸੀ ਅਤੇ, ਸਾਡੇ ‘ਤੇ ਯਕੀਨ ਕਰੋ ਉਹ ਸੁਗੰਧ ਸਾਨੂੰ ਔਖੀ ਲੱਗੀ ਸੀ। ਅਸੀਂ ਸਿੱਖਿਆ ਹੋਇਆ ਸੀ ਕਿ ਹੱਦਾਂ ਜ਼ਰੂਰ ਹੀ ਹੋਣੀਆਂ ਚਾਹੀਦੀਆਂ ਹਨ। ਵਸਤਾਂ ਦੀ ਤਬਾਹੀ ਤੋਂ ਭੈਅਭੀਤ ਨਾ ਹੋਣਾ। ਲੋਕਾਂ ਦੁਆਰਾ ਭੰਡਾਰਾਂ ਨੂੰ ਲੁੱਟੇ ਲਏ ਜਾਣ ਤੋਂ ਨਾ ਡਰੋ ਇਹ ਸਭ ਅਸੀਂ ਬਣਾਉਂਦੇ ਹਾਂ, ਇਹ ਸਾਡੇ ਹਨ। ਸਾਡੇ ਵਾਂਗ ਤੁਹਾਡੀ ਪਾਲਣਾ ਰੋਜ਼ ਸਵੇਰੇ ਉੱਠ ਕੇ ਚੀਜਾਂ ਬਣਾਉਣ ਲਈ ਕੀਤੀ ਜਾ ਰਹੀ ਹੈ, ਚੀਜਾਂ ਜੋ ਫੇਰ ਤੁਹਾਡੀਆਂ ਨਹੀਂ ਹੋਣਗੀਆਂ। ਆਓ ਮਿਲ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਵਾਪਿਸ ਲਈਏ ਅਤੇ ਸਾਂਝਾ ਕਰੀਏ। ਉਂਝ ਵੀ ਜਿਵੇਂ ਕਿ ਅਸੀਂ ਆਪਣੇ ਦੋਸਤਾਂ ਅਤੇ ਆਪਣੇ ਪਿਆਰ ਨੂੰ ਆਪਸ ਵਿੱਚ ਸਾਂਝਾ ਕਰਦੇ ਹਾਂ।

ਇਸ ਖ਼ਤ ਨੂੰ ਜਲਦੀ ਵਿੱਚ ਲਿਖਣ ਲਈ ਅਸੀਂ ਮਾਫ਼ੀ ਚਾਹੁੰਦੇ ਹਾਂ ਪਰ ਅਸੀਂ ਕੰਮ ਦੌਰਾਨ ਸਾਹਬ ਤੋਂ ਲਕੋ ਕੇ ਲਿਖ ਰਹੇ ਹਾਂ। ਅਸੀਂ ਕੰਮ ਦੇ ਕੈਦੀ ਹਾਂ ਜਿਵੇਂ ਕਿ ਤੁਸੀਂ ਸਕੂਲ ਵਿੱਚ ਕੈਦੀ ਹੋ।

ਹੁਣ ਸਾਹਬ ਨੂੰ ਅਸੀਂ ਝੂਠ ਬੋਲਾਂਗੇ ਅਤੇ ਛੁੱਟੀ ਕਰਾਂਗੇ। ਆਪਣੇ ਹੱਥਾਂ ਵਿੱਚ ਪੱਥਰ ਲੈ ਕੇ ਤੁਹਾਨੂੰ ਮਿਲਣ ਸਿੰਟੱਮਾ ਚੌਂਕ ਪਹੁੰਚਾਂਗੇ।

(‘ਮਜ਼ੂਦਰ ਸਮਾਚਾਰ’ ਚੋਂ ਧੰਨਵਾਦ ਸਹਿਤ)

ਅੰਕ 09-ਜੁਲਾਈ-ਸਤੰਬਰ 09 ਵਿਚ ਪ੍ਰਕਾਸ਼ਿ

Leave a comment